Panchayat Elections: ਸੂਬੇ ਵਿੱਚ ਕੁੱਲ 13237 ਗ੍ਰਾਮ ਪੰਚਾਇਤਾਂ ਹਨ। ਜਿਨ੍ਹਾਂ ਤੇ ਵੋਟਿੰਗ ਲਈ 19110 ਪੋਲਿੰਗ ਬੂਥ ਸੂਬੇ ਭਰ ਵਿੱਚ ਬਣਾਏ ਜਾਣਗੇ। 1 ਕਰੋੜ 33 ਲੱਖ 97 ਹਜ਼ਾਰ 9 ਸੋ 32 ਵੋਟਰ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕਰਨਗੇ।
Trending Photos
Punjab Panchayat Elections 2024: ਪੰਜਾਬ ’ਚ ਪੰਚਾਇਤੀ ਚੋਣਾਂ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ ਹੈ। ਸਟੇਟ ਇਲੈਕਸ਼ਨ ਕਮਿਸ਼ਨ ਵੱਲੋਂ ਪੰਚਾਇਤੀ ਚੋਣਾਂ ਦੀ ਤਾਰੀਖ ਦਾ ਐਲਾਨ ਕਰ ਦਿੱਤਾ ਹੈ। ਸੂਬੇ ਭਰ 'ਚ 15 ਅਕਤੂਬਰ ਨੂੰ ਵੋਟਾਂ ਪੈਣਗੀਆਂ ਅਤੇ ਵੋਟਾਂ ਦੇ ਨਤੀਜੇ ਉਸੇ ਸ਼ਾਮ ਨੂੰ ਆ ਜਾਣਗੇ। 27 ਸਤੰਬਰ ਤੋਂ ਨਾਮਜ਼ਦਗੀਆਂ ਦਾ ਦੌਰ ਸ਼ੁਰੂ ਹੋ ਜਾਵੇਗਾ ਅਤੇ 4 ਅਕਤੂਬਰ ਨਾਮਜ਼ਦੀਆਂ ਭਰਨ ਦੀ ਆਖਰੀ ਤਾਰੀਖ ਹੋਵੇਗੀ। 5 ਅਕਤੂਬਰ ਨੂੰ ਕਾਗਜ਼ਾਂ ਦੀ ਪੜਤਾਲ ਹੋਵੇਗੀ ਅਤੇ 7 ਅਕਤੂਬਰ ਤੱਕ ਨਾਮਜ਼ਦਗੀਆਂ ਵਾਪਸ ਲੈਣ ਦੀ ਆਖਰੀ ਤਰੀਖ ਹੋਵੇਗੀ।
ਪੰਜਾਬ ਰਾਜ ਚੋਣ ਕਮਿਸ਼ਨਰ ਸ਼੍ਰੀ ਰਾਜ ਕਮਲ ਚੌਧਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੂਬੇ ਵਿੱਚ ਕੁੱਲ 13,237 ਗ੍ਰਾਮ ਪੰਚਾਇਤਾਂ ਹਨ। ਜਿਨ੍ਹਾਂ ਤੇ ਵੋਟਿੰਗ ਲਈ 19,110 ਪੋਲਿੰਗ ਬੂਥ ਸੂਬੇ ਭਰ ਵਿੱਚ ਬਣਾਏ ਜਾਣਗੇ। 1 ਕਰੋੜ 33 ਲੱਖ 97 ਹਜ਼ਾਰ 9 ਸੋ 32 ਵੋਟਰ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕਰਨਗੇ। ਹਰੇਕ ਉਮੀਦਵਾਰ ਨੂੰ ਆਪਣੇ ਨਾਮਜ਼ਦਗੀ ਦੌਰਾਨ 100 ਰੁਪਏ ਫੀਸ ਜਮ੍ਹਾਂ ਕਰਵਾਉਣੀ ਪਵੇਗੀ। ਜਦਕਿ ਐਸੀ ਅਤੇ ਬੀਸੀ ਕੈਟਾਗਿਰੀ ਲਈ ਇਹ ਫੀਸ 50 ਫੀਸਦ ਹੋਵੇਗੀ। ਸਰਪੰਚ ਲਈ 40 ਹਜ਼ਾਰ ਅਤੇ ਪੰਚ ਲਈ 30 ਹਜ਼ਾਰ ਰੁਪਏ ਚੋਣ ਖਰਚ ਰੱਖਿਆ ਗਿਆ ਹੈ। ਪਿਛਲੀਆਂ ਚੋਣਾਂ ਨਾਲ 25 ਫੀਸਦ ਇਸ ਵਿੱਚ ਵਾਧਾ ਕੀਤਾ ਗਿਆ ਹੈ।
ਚੋਣ ਰਾਜ ਕਮਿਸ਼ਨਰ ਮੁਤਾਬਕ ਪੰਜਾਬ ਸਰਕਾਰ ਵੱਲੋਂ ਪੰਚਾਇਤੀ ਰਾਜ ਐਕਟ ਵਿਚ ਸੋਧ ਕੀਤੇ ਜਾਣ ਤੋਂ ਬਾਅਦ ਹੁਣ ਕੋਈ ਵੀ ਉਮੀਦਵਾਰ ਕਿਸੇ ਸਿਆਸੀ ਪਾਰਟੀ ਦੇ ਚੋਣ ਨਿਸ਼ਾਨ 'ਤੇ ਚੋਣ ਨਹੀਂ ਲੜ ਸਕੇਗਾ। ਇਸਦੇ ਲਈ ਚੋਣ ਕਮਿਸ਼ਨਰ ਨੇ ਸਰਪੰਚਾਂ ਅਤੇ ਪੰਚਾਂ ਲਈ ਵੱਖੋ-ਵੱਖਰੇ ਚੋਣ ਨਿਸ਼ਾਨ ਬਣਾਏ ਗਏ ਹਨ। ਸਰਪੰਚ ਦੀ ਚੋਣ ਲਈ 38 ਚੋਣ ਨਿਸ਼ਾਨ ਤੈਅ ਕੀਤੇ ਗਏ ਹਨ। ਪੰਚਾਂ ਦੇ ਲਈ 70 ਚੋਣ ਨਿਸ਼ਾਨ ਬਣਾਏ ਗਏ ਹਨ ਜਦੋਂਕਿ ਬਲਾਕ ਸਮੰਤੀ ਦੇ ਉਮੀਦਵਾਰਾਂ ਲਈ 32 ਚੋਣ ਨਿਸ਼ਾਨ ਤੈਅ ਕੀਤੇ ਗਏ ਹਨ। ਇਸਤੋਂ ਇਲਾਵਾ ਵੋਟਰਾਂ ਵਾਸਤੇ ਲੋਕ ਸਭਾ ਤੇ ਵਿਧਾਨ ਸਭਾ ਚੋਣਾਂ ਦੀ ਤਰਜ਼ 'ਤੇ ਨੋਟਾਂ ਦਾ ਬਟਨ ਵੀ ਦਿੱਤਾ ਗਿਆ ਹੈ।
ਪੰਚਾਇਤਾਂ ਲਈ ਵੋਟਿੰਗ ਬੈਲਟ ਪੇਪਰ ਰਾਹੀ ਹੋਵੇਗੀ। ਕਿਉਂਕਿ ਵੱਡੀ ਗਿਣਤੀ ਵਿੱਚ ਈਵੀਐੱਮ ਉਪਲਬੰਧ ਕਰਵਾਉਣੀਆਂ ਮੁਸ਼ਕਲ ਹਨ। ਸਰਪੰਚ ਲਈ ਗੁਲਾਬੀ ਅਤੇ ਪੰਚ ਲਈ ਚਿੱਟੇ ਰੰਗ ਦਾ ਬੈਲਟ ਪੇਪਰ ਹੋਵੇਗਾ। ਜਿਸ ਇਲਾਕੇ ਵਿੱਚ ਵੋਟਿੰਗ ਹੋਵੇਗੀ, ਉਸ ਦਿਨ ਦਿਨ ਡਰਾਈ ਡੇਅ ਹੋਵੇਗਾ। ਚੋਣ ਰਾਜ ਕਮਿਸ਼ਨਰ ਨੇ ਦਸਿਆ ਕਿ ਸਰਪੰਚ ਦੀ ਚੋਣ ਸਿੱਧੀ ਵੋਟਰਾਂ ਵੱਲੋਂ ਕੀਤੀ ਜਾਵੇਗੀ ਤੇ ਪੰਚਾਂ ਦੇ ਲਈ ਵਾਰਡ ਵਾਈਜ ਚੋਣ ਹੋਵੇਗੀ। ਇਸਦੇ ਲਈ ਸਾਰੇ ਵੋਟਰਾਂ ਨੂੰ ਦੋ ਬੈਲਟ ਪੇਪਰ ਦਿੱਤੇ ਜਾਣਗੇ।
ਪੰਚਾਇਤੀ ਚੋਣਾਂ ਲਈ ਆਦਰਸ਼ ਚੋਣ ਜ਼ਾਬਤਾ ਵੱਖਰੇ ਤੌਰ ’ਤੇ ਭੇਜਿਆ ਜਾਵੇਗਾ। ਆਦਰਸ਼ ਚੋਣ ਜ਼ਾਬਤਾ ਸਿਰਫ਼ ਉਸ ਖੇਤਰ ਵਿੱਚ ਲਾਗੂ ਹੋਵੇਗਾ ਜਿੱਥੇ ਚੋਣਾਂ ਹੋ ਰਹੀਆਂ ਹਨ। ਪ੍ਰੰਤੂ ਜੇਕਰ ਕਿਸੇ ਪੰਚਾਇਤ ਦੀ ਚੋਣ ਸਰਬਸੰਮਤੀ ਨਾਲ ਹੋ ਜਾਵੇਗੀ ਤਾਂ ਉਥੇ ਇਹ ਜਾਬਤਾ ਲਾਗੂ ਨਹੀਂ ਹੋਵੇਗਾ। ਉਨ੍ਹਾਂ ਦਸਿਆ ਕਿ ਸਾਰੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ ਤੇ ਚੋਣ ਜਾਬਤਾ ਹੁਣ ਤੋਂ ਹੀ ਲੱਗ ਚੁੱਕਿਆ ਹੈ। ਚੌਧਰੀ ਨੇ ਦੱਸਿਆ ਕਿ ਇੰਨ੍ਹਾਂ ਚੋਣਾਂ ਉਪਰ ਤਿੱਖੀ ਨਜ਼ਰ ਰੱਖਣ ਦੇ ਲਈ ਚੋਣ ਆਬਜਰਬਰ ਵੀ ਲਗਾਏ ਜਾਣਗੇ।