Hola Mohalla: ਹੋਲੇ ਮਹੱਲੇ ਦੀ ਸ਼ੁਰੂਆਤ ਵੀ ਅੱਜ ਰਾਤ (20ਮਾਰਚ) 12 ਵਜੇ ਕਿਲਾ ਅਨੰਦਗੜ੍ਹ ਸਾਹਿਬ ਵਿਖੇ ਪੁਰਾਤਨ ਪੰਜ ਨਗਾੜਿਆਂ ਦੀ ਚੋਟ ਨਾਲ ਹੋਵੇਗੀ। ਜਿਸ ਨੂੰ ਲੈ ਕੇ ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਪ੍ਰਸ਼ਾਸਨ ਵੱਲੋਂ ਵੱਡੇ ਪੱਧਰ ਤੇ ਤਿਆਰੀਆਂ ਨੂੰ ਅੰਤਿਮ ਛੋਹਾਂ ਦਿੱਤੀਆਂ ਜਾ ਰਹੀਆਂ ਹਨ।
Trending Photos
Hola Mohalla(ਬਿਮਲ ਸ਼ਰਮਾ): ਖਾਲਸਾ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਕੌਮੀ ਤਿਉਹਾਰ ਹੋਲਾ ਮਹੱਲਾ ਖਾਲਸਾ ਪੰਥ ਦੇ ਪ੍ਰਗਟ ਸਥਾਨ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਦੋ ਪੜਾਵਾਂ ਵਿੱਚ ਮਨਾਇਆ ਜਾਵੇਗਾ। ਜਿਸ ਦੀ ਸ਼ੁਰੂਆਤ ਵੀ ਅੱਜ ਰਾਤ (20ਮਾਰਚ) 12 ਵਜੇ ਕਿਲਾ ਅਨੰਦਗੜ੍ਹ ਸਾਹਿਬ ਵਿਖੇ ਪੁਰਾਤਨ ਪੰਜ ਨਗਾੜਿਆਂ ਦੀ ਚੋਟ ਨਾਲ ਹੋਵੇਗੀ। ਜਿਸ ਨੂੰ ਲੈ ਕੇ ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਪ੍ਰਸ਼ਾਸਨ ਵੱਲੋਂ ਵੱਡੇ ਪੱਧਰ ਤੇ ਤਿਆਰੀਆਂ ਨੂੰ ਅੰਤਿਮ ਛੋਹਾਂ ਦਿੱਤੀਆਂ ਜਾ ਰਹੀਆਂ ਹਨ।
ਉੱਥੇ ਹੀ ਗੁਰੂ ਦੀਆਂ ਲਾਡਲੀਆਂ ਫੌਜਾਂ ਨਿਹੰਗ ਸਿੰਘ ਵੀ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਪੁੱਜਣੀਆਂ ਸ਼ੁਰੂ ਹੋ ਚੁੱਕੀਆਂ ਹਨ। ਜਿੱਥੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਨੇ ਨੌਜਵਾਨਾਂ ਨੂੰ ਖਾਸ ਅਪੀਲ ਕੀਤੀ ਕਿ ਉਹ ਮੋਟਰਸਾਈਕਲਾਂ, ਟਰੈਕਟਰਾਂ ਤੇ ਹੁੱਲੜਬਾਜ਼ੀ ਅਤੇ ਸਟੰਟ ਨਾ ਕਰਨ। ਉੱਥੇ ਹੀ ਨਿਹੰਗ ਜੱਥੇਬੰਦੀਆਂ ਦੇ ਮੁਖੀਆਂ ਨੇ ਵੀ ਨੌਜਵਾਨਾਂ ਨੂੰ ਅਪੀਲ ਕਰਦੇ ਹੋਏ ਆਖਿਆ ਜੇਕਰ ਕੋਈ ਨੌਜਵਾਨ ਹੁੱਲੜਬਾਜ਼ੀ ਕਰਦਾ ਪਾਇਆ ਗਿਆ ਤਾਂ ਉਸ ਨਾਲ ਸਖ਼ਤੀ ਨਾਲ ਨਿਪਟਾਂਗੇ।
ਦੋ ਪੜਾਵਾਂ 'ਚ ਹੋਵੇਗੀ ਹੋਲੇ ਮਹੱਲੇ ਦੀ ਸ਼ੁਰੂਆਤ
ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਜੱਥੇਦਾਰ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਨੇ ਜਾਣਕਾਰੀ ਦਿੱਤੀ ਕਿ ਦੋ ਪੜਾਵਾਂ ਦੇ ਵਿੱਚ ਮਨਾਇਆ ਜਾਣ ਵਾਲਾ ਇਹ ਕੌਮੀ ਤਿਉਹਾਰ 20 ਮਾਰਚ ਨੂੰ ਕਿਲਾ ਅਨੰਦਗੜ੍ਹ ਸਾਹਿਬ ਵਿਖੇ ਦੇਰ ਰਾਤ ਪੰਜ ਪੁਰਾਤਨ ਨਗਾਰਿਆਂ ਤੇ ਚੋਟਾਂ ਲਗਾਉਣ ਦੇ ਨਾਲ ਸ਼ੁਰੂ ਹੋਵੇਗਾ ਅਤੇ 21 ਮਾਰਚ ਨੂੰ ਕੀਰਤਪੁਰ ਸਾਹਿਬ ਵਿਖੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਪਾਠ ਆਰੰਭ ਹੋਣਗੇ। ਜਿਨ੍ਹਾਂ ਦੇ ਭੋਗ 23 ਮਾਰਚ ਨੂੰ ਪਾਏ ਜਾਣਗੇ, ਜਿਸ ਦੇ ਨਾਲ ਹੋਲਾ ਮਹੱਲਾ ਦੇ ਪਹਿਲੇ ਪੜਾਅ ਦੀ ਸਮਾਪਤੀ ਹੋਵੇਗੀ।
ਮੇਲੇ ਦੇ ਦੂਜਾ ਪੜਾਅ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਤੇ ਬਾਕੀ ਦੇ ਗੁਰੂ ਘਰਾਂ ਦੇ ਵਿੱਚ 24 ਮਾਰਚ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਦੀ ਆਰੰਭਤਾ ਦੇ ਨਾਲ ਸ਼ੁਰੂ ਹੋਵੇਗਾ। ਉਹਨਾਂ ਦੱਸਿਆ ਕਿ 26 ਮਾਰਚ ਨੂੰ ਜਿੱਥੇ ਸਭ ਤੋਂ ਪਹਿਲਾਂ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ ਉਸ ਉਪਰੰਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਮੂਹ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਮਹੱਲੇ ਸਜਾਏ ਜਾਣਗੇ । ਉਹਨਾਂ ਦੇਸ਼ਾਂ ਵਿਦੇਸ਼ਾਂ ਦੀ ਸੰਗਤ ਨੂੰ ਅਪੀਲ ਕੀਤੀ ਕਿ ਵੱਧ ਚੜ ਕੇ ਇਹਨਾਂ ਤਿਉਹਾਰਾਂ ਦੇ ਵਿੱਚ ਸੰਗਤਾਂ ਹਾਜ਼ਰੀਆਂ ਭਰਨ ।
ਨੌਜਵਾਨਾਂ ਨੂੰ ਖਾਸ ਅਪੀਲ
ਜਥੇਦਾਰ ਨੇ ਵਿਸ਼ੇਸ਼ ਤੌਰ ਤੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਅਨੰਦਪੁਰ ਸਾਹਿਬ ਵਿਖੇ ਨਤਮਸਤਕ ਹੋਣ ਦੇ ਲਈ ਪਹੁੰਚਣ ਸਮੇਂ ਗੁਰ ਮਰਿਆਦਾ ਦਾ ਧਿਆਨ ਰੱਖਣ ਤੇ ਜਾਬਤੇ ਵਿੱਚ ਰਹਿ ਕੇ, ਇੱਥੇ ਆਉਣ। ਉਹਨਾਂ ਨਾਲ ਹੀ ਕਿਹਾ ਕਿ ਮੋਟਰਸਾਈਕਲਾਂ ਦੇ ਸਲੇਂਸਰ ਖੋਲ ਕੇ ਸ਼ੋਰ ਸ਼ਰਾਬਾ ਕਰਦੇ ਹੋਏ ਤੇ ਟਰੈਕਟਰਾਂ ਤੇ ਸਟੰਟ ਤੇ ਹੁੱਲੜਬਾਜ਼ੀ ਨਾ ਕਰਨ ਕਿਉਂਕਿ ਇਹ ਅਸਥਾਨ ਧਾਰਮਿਕ ਅਸਥਾਨ ਹੈ ਤੇ ਇੱਥੇ ਧਾਰਮਿਕ ਬਿਰਤੀ ਦੇ ਨਾਲ ਪੁੱਜਣਾ ਚਾਹੀਦਾ ਹੈ।
ਹੋਲਾ ਮਹੱਲਾ ਵਿੱਚ ਵੱਧ ਚੜ ਕੇ ਪੁੱਜੇ ਸੰਗਤ
ਇਸ ਮੌਕੇ ਨਿਹੰਗ ਸਿੰਘਾਂ ਦੀ ਸਿਰਮੌਰ ਜਥੇਬੰਦੀ ਤਰਨਾ ਦਲ ਦੇ ਮੌਜੂਦਾ ਮੁਖੀ ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ ਵਾਲਿਆਂ ਵੱਲੋ ਜਿੱਥੇ ਸੰਗਤਾਂ ਨੂੰ ਹੋਲਾ ਮਹੱਲਾ ਦੇ ਵਿੱਚ ਵੱਧ ਚੜ ਕੇ ਪੁੱਜਣ ਦੀ ਅਪੀਲ ਕੀਤੀ। ਉਥੇ ਹੀ ਉਹਨਾਂ ਹੋਲਾ ਮਹੱਲਾ ਦੇ ਸੰਖੇਪ ਇਤਿਹਾਸ ਬਾਰੇ ਵੀ ਚਾਨਣਾ ਪਾਇਆ। ਉਹਨਾਂ ਵੀ ਵਿਸ਼ੇਸ਼ ਤੌਰ 'ਤੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਨੌਜਵਾਨ ਜਦੋਂ ਅਨੰਦਾਂ ਦੀ ਪੁਰੀ ਵਿਖੇ ਪੁੱਜਣ ਤਾਂ ਉਹ ਗੁਰ ਮਰਿਆਦਾ ਦੇ ਵਿੱਚ, ਧਾਰਮਿਕ ਭਾਵਨਾ ਦੇ ਨਾਲ ਇੱਥੇ ਨਤਮਸਤਕ ਹੋਣ। ਉਹਨਾਂ ਦੱਸਿਆ ਕਿ ਅਸਲੀ ਨਿਹੰਗ ਸਿੰਘਾਂ ਦੀ ਪਹਿਚਾਣ ਇਹ ਹੁੰਦੀ ਹੈ ਕਿ ਨਿਹੰਗ ਸਿੰਘ ਕਦੇ ਕਿਸੇ ਤੋਂ ਕੁਝ ਮੰਗਣ ਦੇ ਲਈ ਅੱਗੇ ਹੱਥ ਨਹੀਂ ਕਰਦਾ ਇਸ ਲਈ ਜੇਕਰ ਇਸ ਜੋੜ ਮੇਲ ਦੇ ਦੌਰਾਨ ਕੋਈ ਵਿਅਕਤੀ ਨਿਹੰਗ ਸਿੰਘ ਦੇ ਭੇਸ ਦੇ ਵਿੱਚ ਕੋਈ ਗਲਤ ਕੰਮ ਕਰਦਾ ਹੈ। ਤਾਂ ਇਹ ਸਮਝਣਾ ਚਾਹੀਦਾ ਹੈ, ਕਿ ਉਹ ਕਿਸੇ ਦਲ ਪੰਥ ਨਾਲ ਸੰਬੰਧਿਤ ਨਹੀਂ। ਉਹਨਾਂ ਕਿਹਾ ਕਿ ਗੁਰੂ ਦੀਆਂ ਲਾਡਲੀਆਂ ਫੌਜਾਂ ਗੁਰੂ ਦੇ ਦਿੱਤੇ ਸਿਧਾਂਤ ਦੇ ਅਨੁਸਾਰ ਹਰ ਵਿਅਕਤੀ ਤੇ ਹਰ ਧਰਮ ਦਾ ਸਤਿਕਾਰ ਕਰਦੀਆਂ ਹਨ ।