Sachn Bishnoi News: ਸਚਿਨ ਬਿਸ਼ਨੋਈ ਨੂੰ 1 ਅਗਸਤ 2023 ਨੂੰ ਅਜ਼ਰਬਾਈਜਾਨ ਤੋਂ ਭਾਰਤ ਲਿਆਂਦਾ ਗਿਆ ਅਤੇ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਵੱਲੋਂ ਪੁੱਛਗਿੱਛ ਕੀਤੀ ਗਈ। ਇਸ ਦੌਰਾਨ ਸਚਿਨ ਨੇ ਸਿੱਧੂ ਮੂਸੇਵਾਲਾ ਦੇ ਕਤਲਕਾਂਡ ਬਾਰੇ ਕਈ ਵੱਡੇ ਖੁਲਾਸੇ ਵੀ ਕੀਤੇ।
Trending Photos
Sidhu Moosewala Murder Case Accused Sachin Bishnoi News: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲਕਾਂਡ 'ਚ ਸ਼ਾਮਿਲ ਮੁੱਖ ਦੋਸ਼ੀ ਸਚਿਨ ਬਿਸ਼ਨੋਈ, ਜਿਸ ਨੂੰ ਹਾਲ ਹੀ ਵਿੱਚ ਅਜ਼ਰਬਾਈਜਾਨ ਤੋਂ ਭਾਰਤ ਲਿਆਂਦਾ ਗਿਆ ਹੈ, ਨੇ ਇੱਕ ਵੱਡਾ ਖੁਲਾਸਾ ਕੀਤਾ ਹੈ ਕਿ ਉਸਨੂੰ ਲਾਰੈਂਸ ਵੱਲੋਂ ਗੋਲਡੀ ਬਰਾੜ ਨਾਲ ਗੱਲਬਾਤ ਕਰਕੇ ਸਿੱਧੂ ਮੂਸੇਵਾਲਾ ਦੇ ਕਤਲ ਨੂੰ ਅੰਜਾਮ ਦੇਣ ਲਈ ਕਿਹਾ ਗਿਆ ਸੀ।
IANS ਦੀ ਰਿਪੋਰਟ ਦੇ ਮੁਤਾਬਕ ਸੂਤਰਾਂ ਦੇ ਹਵਾਲੇ ਤੋਂ ਖ਼ਬਰ ਆ ਰਹੀ ਹੈ ਕਿ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਵੱਲੋਂ ਕੀਤੀ ਗਈ ਪੁੱਛਗਿੱਛ ਦੌਰਾਨ ਹਾਲ ਹੀ ਸਚਿਨ ਬਿਸ਼ਨੋਈ ਵੱਲੋਂ ਸਿੱਧੂ ਮੂਸੇਵਾਲਾ ਕਤਲਕਾਂਡ ਦੇ ਨਾਲ ਜੁੜੇ ਕਈ ਖੁਲਾਸੇ ਕੀਤੇ ਅਤੇ ਨਾਲ ਹੀ ਇੱਕ ਹੋਰ ਗੈਂਗਸਟਰ ਨੂੰ ਮਾਰਨ ਦੀ ਯੋਜਨਾ ਬਾਰੇ ਵੀ ਦੱਸਿਆ ਗਿਆ।
ਦੱਸਿਆ ਜਾ ਰਿਹਾ ਹੈ ਕਿ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਵੱਲੋਂ ਕੀਤੀ ਗਈ ਪੁੱਛਗਿੱਛ ਦੌਰਾਨ ਸਚਿਨ ਬਿਸ਼ਨੋਈ ਵੱਲੋਂ ਇਹ ਖੁਲਾਸਾ ਕੀਤਾ ਗਿਆ ਹੈ। ਸਚਿਨ ਬਿਸ਼ਨੋਈ ਨੇ ਇਹ ਵੀ ਦੱਸਿਆ ਕਿ ਉਹ ਅਪ੍ਰੈਲ ਦੇ ਮਹੀਨੇ ਵਿੱਚ ਜਾਅਲੀ ਪਾਸਪੋਰਟ 'ਤੇ ਦਿੱਲੀ ਤੋਂ ਦੁਬਈ ਗਿਆ ਸੀ ਅਤੇ ਦੁਬਈ 'ਚ ਰਹਿੰਦਿਆਂ ਉਸ ਨੇ ਜੇਲ੍ਹ 'ਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਤੇ ਸਿੱਧੂ ਮੂਸੇਵਾਲਾ ਕਤਲਕਾਂਡ ਦੇ ਮਾਸਟਰਮਾਈਂਡ ਗੋਲਡੀ ਬਰਾੜ ਨਾਲ ਕਈ ਵਾਰ ਗੱਲਬਾਤ ਵੀ ਕੀਤੀ ਸੀ।
ਸਚਿਨ ਬਿਸ਼ਨੋਈ ਦੇ ਮੁਤਾਬਕ ਲਾਰੈਂਸ ਬਿਸ਼ਨੋਈ ਵੱਲੋਂ ਉਨ੍ਹਾਂ ਨੂੰ ਦੱਸਿਆ ਗਿਆ ਕਿ ਜੇਲ੍ਹ 'ਚ ਹੋਣ ਕਰਕੇ ਉਹ ਜ਼ਿਆਦਾ ਗੱਲ ਨਹੀਂ ਕਰ ਸਕਦਾ ਅਤੇ ਇਸ ਕਰਕੇ ਲਾਰੈਂਸ ਵੱਲੋਂ ਸਚਿਨ ਨੂੰ ਗੋਲਡੀ ਬਰਾੜ ਨਾਲ ਤਾਲਮੇਲ ਕਰਦਿਆਂ ਸਿੱਧੂ ਮੂਸੇਵਾਲਾ ਦੇ ਕਤਲ ਨੂੰ ਅੰਜਾਮ ਦੇਣ ਲਈ ਕਿਹਾ ਗਿਆ।
ਪੁੱਛਗਿੱਛ ਦੌਰਾਨ ਸਚਿਨ ਬਿਸ਼ਨੋਈ ਨੇ ਇਹ ਵੀ ਦੱਸਿਆ ਕਿ ਗੋਲਡੀ ਬਰਾੜ ਵੱਲੋਂ ਉਸਨੂੰ ਸ਼ੂਟਰਾਂ ਲਈ ਗੱਡੀਆਂ ਦਾ ਇੰਤਜ਼ਾਮ ਕਰਨ ਦਾ ਕੰਮ ਸੌਂਪਿਆ ਗਿਆ ਸੀ ਅਤੇ ਉਸਨੇ ਗੋਲੀ ਦੇ ਕਹਿਣ 'ਤੇ ਸ਼ੂਟਰਾਂ ਨੂੰ ਬੋਲੈਰੋ ਗੱਡੀਆਂ ਮੁਹੱਈਆ ਕਰਵਾਈਆਂ ਸਨ। ਸਚਿਨ ਨੇ ਅੱਗੇ ਦੱਸਿਆ ਕਿ ਉਸ ਸਮੇਂ ਉਹ ਗੋਲਡੀ ਬਰਾੜ ਅਤੇ ਅਨਮੋਲ ਦੋਵਾਂ ਨਾਲ ਲਗਾਤਾਰ ਸੰਪਰਕ ਵਿੱਚ ਸੀ ਅਤੇ ਉਹ ਦੋਵੇਂ ਉਸ ਦੌਰਾਨ ਅਮਰੀਕਾ ਵਿੱਚ ਸਨ। ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਗੋਲਡੀ ਬਰਾੜ ਵੱਲੋਂ ਸਚਿਨ ਬਿਸ਼ਨੋਈ ਨੂੰ ਫੋਨ ਕਰਕੇ ਜਾਣਕਾਰੀ ਦਿੱਤੀ ਗਈ ਕਿ ਉਸਦਾ ਪਾਸਪੋਰਟ ਬਲੈਕਲਿਸਟ ਕਰ ਦਿੱਤਾ ਗਿਆ ਹੈ ਅਤੇ ਉਸਨੂੰ ਅਜ਼ਰਬਾਈਜਾਨ ਜਾਣ ਦੀ ਸਲਾਹ ਦਿੱਤੀ ਗਈ ਤਾਂ ਜੋ ਉਸਨੂੰ ਇੱਕ ਸੁਰੱਖਿਅਤ ਥਾਂ ਮਿਲ ਸਕੇ। ਕਤਲ ਤੋਂ ਕੁਝ ਦਿਨਾਂ ਬਾਅਦ ਸਚਿਨ ਅਜ਼ਰਬਾਈਜਾਨ ਪਹੁੰਚ ਗਿਆ, ਜਿੱਥੇ ਉਹ ਇੱਕ ਅਪਾਰਟਮੈਂਟ 'ਚ ਕਿਰਾਏ 'ਤੇ ਰਹਿ ਰਿਹਾ ਸੀ।
ਦੱਸ ਦਈਏ ਕਿ 29 ਮਈ, 2022 ਨੂੰ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਦੋ ਦਿਨ ਬਾਅਦ ਸਚਿਨ ਵੱਲੋਂ ਇੱਕ ਫੇਸਬੁੱਕ ਪੋਸਟ ਰਾਹੀਂ ਕਤਲ ਦੀ ਜ਼ਿੰਮੇਵਾਰੀ ਲਈ ਗਈ ਸੀ ਅਤੇ ਕਿਹਾ ਸੀ ਕਿ ਇਹ "ਪਬਲੀਸਿਟੀ ਸਟੰਟ" ਜਾਂ "ਫਿਰੌਤੀ" ਲਈ ਨਹੀਂ ਸੀ। ਉਸਨੇ ਕਿਹਾ ਕਿ ਮੂਸੇਵਾਲਾ ਵੱਲੋਂ ਕਥਿਤ ਤੌਰ 'ਤੇ ਯੂਥ ਅਕਾਲੀ ਦਲ ਦੇ ਆਗੂ ਵਿੱਕੀ ਮਿੱਡੂਖੇੜਾ ਦੇ ਕਤਲ ਵਿੱਚ ਸ਼ਾਮਲ ਗੈਂਗਸਟਰਾਂ ਨੂੰ ਪਨਾਹ ਦਿੱਤੀ ਗਈ ਸੀ, ਜਿਸ ਕਰਕੇ ਉਸਨੂੰ ਮਾਰਿਆ ਗਿਆ।
IANS ਦੀ ਰਿਪੋਰਟ ਦੇ ਮੁਤਾਬਕ ਸੂਤਰਾਂ ਦੇ ਹਵਾਲੇ ਤੋਂ ਖ਼ਬਰ ਆ ਰਹੀ ਹੈ ਕਿ ਸਚਿਨ ਬਿਸ਼ਨੋਈ ਪਿਛਲੇ ਸਾਲ ਅਗਸਤ ਦੇ ਮਹੀਨੇ ਵਿੱਚ ਕੌਸ਼ਲ ਚੌਧਰੀ ਨੂੰ ਮਾਰਨ ਲਈ ਬੰਬੀਹਾ ਗੈਂਗ ਦੇ ਇੱਕ ਹਿੱਟਮੈਨ ਨੂੰ ਸੁਪਾਰੀ ਦੇਣ ਦੀ ਯੋਜਨਾ ਬਣਾ ਰਿਹਾ ਸੀ ਪਰ ਉਦੋਂ ਉਸਨੂੰ ਬਾਕੂ ਵਿੱਚ ਅਜ਼ਰਬਾਈਜਾਨ ਪੁਲਿਸ ਵੱਲੋਂ ਫੜ ਲਿਆ ਗਿਆ ਸੀ। ਦੱਸਣਯੋਗ ਹੈ ਕਿ ਕੌਸ਼ਲ ਚੌਧਰੀ, ਜੋ ਕਿ ਇੱਕ ਗੈਂਗਸਟਰ ਵੀ ਹੈ, ਇਸ ਸਮੇਂ ਗੁਰੂਗ੍ਰਾਮ ਦੀ ਭੋਂਡਸੀ ਜੇਲ੍ਹ ਵਿੱਚ ਬੰਦ ਹੈ।
ਜਦੋਂ ਅਜ਼ਰਬਾਈਜਾਨ ਪੁਲਿਸ ਵੱਲੋਂ ਸਚਿਨ ਨੂੰ ਗ੍ਰਿਫਤਾਰੀ ਕਰ ਲਿਆ ਗਿਆ ਸੀ ਤਾਂ ਸਚਿਨ ਭਾਰਤ ਜਾਣ ਤੋਂ ਬਚਣ ਲਈ ਕਾਨੂੰਨੀ ਲੜਾਈ ਲੜ ਰਿਹਾ ਸੀ ਪਰ ਅਜ਼ਰਬਾਈਜਾਨ 'ਚ ਉੱਚ ਅਪੀਲੀ ਸੰਸਥਾ ਵੱਲੋਂ ਉਸਦੀ ਬੇਨਤੀ ਨੂੰ ਰੱਦ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਗ੍ਰਹਿ ਮੰਤਰਾਲੇ ਵੱਲੋਂ ਉਸਨੂੰ ਵਾਪਸ ਲਿਆਉਣ ਲਈ ਅੱਗੇ ਵਧਣ ਲਈ ਕਿਹਾ ਗਿਆ।
ਇਹ ਵੀ ਪੜ੍ਹੋ: Punjab News: ਪੰਜਾਬ ਦੇ ਵਿੱਤ ਮੰਤਰੀ ਦਾ ਬਿਆਨ, "ਰਾਜਪਾਲ ਨੂੰ ਸੰਵਿਧਾਨ ਦੇ ਮੁਤਾਬਕ ਕੰਮ ਕਰਨਾ ਚਾਹੀਦਾ ਹੈ"