Punjab By Election: ਪੰਜਾਬ ਵਿੱਚ ਕੁੱਲ ਪੋਲਿੰਗ ਸਟੇਸ਼ਨਾਂ ਦੀ ਗਿਣਤੀ 24 ਹਜ਼ਾਰ 446 ਹੈ, ਜਿਸ ਵਿੱਚ ਸ਼ਹਿਰੀ ਪੋਲਿੰਗ ਸਟੇਸ਼ਨਾਂ ਦੀ ਗਿਣਤੀ 8062 ਅਤੇ ਪੇਂਡੂ ਪੋਲਿੰਗ ਸਟੇਸ਼ਨਾਂ ਦੀ ਗਿਣਤੀ 16,384 ਹੈ।
Trending Photos
Punjab By Election: ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ. ਨੇ ਸੂਬੇ ਦੀਆਂ ਸਮੂਹ ਮਾਨਤਾ ਪ੍ਰਾਪਤ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਮੁੱਢਲੀ ਪ੍ਰਕਾਸ਼ਨਾਂ ਦੀਆਂ ਬਿਨਾਂ ਫੋਟੋ ਵੋਟਰ ਸੂਚੀ ਦੀਆਂ ਸੀਡੀਜ਼ ਸੌਪੀਆਂ ਹਨ।
ਮੁੱਖ ਚੋਣ ਅਧਿਕਾਰੀ ਦੇ ਦਫ਼ਤਰ ਵਿਖੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਦੌਰਾਨ ਸਿਬਿਨ ਸੀ. ਨੇ ਦੱਸਿਆ ਕਿ 29 ਅਕਤੂਬਰ, 2024 ਨੂੰ ਮੁੱਢਲੀ ਵੋਟਰ ਸੂਚੀਆਂ ਦੀ ਪ੍ਰਕਾਸ਼ਨਾ ਤੱਕ ਪੰਜਾਬ ਵਿਚ ਕੁੱਲ ਵੋਟਰਾਂ ਦੀ ਗਿਣਤੀ 2 ਕਰੋੜ 12 ਲੱਖ 81 ਹਜ਼ਾਰ 800 ਹੈ। ਜਿਨ੍ਹਾਂ ਵਿੱਚੋਂ ਮਰਦ ਵੋਟਰ 1 ਕਰੋੜ 11 ਲੱਖ 84 ਹਜ਼ਾਰ 385, ਔਰਤਾਂ 1 ਕਰੋੜ 96 ਹਜ਼ਾਰ 664, ਤੀਜਾ ਲਿੰਗ 751, ਐਨ.ਆਰ.ਆਈ 1610, ਦਿਵਿਆਂਗ ਵੋਟਰ 1 ਲੱਖ 55 ਹਜ਼ਾਰ 578 ਅਤੇ ਸਰਵਿਸ ਵੋਟਰ 1 ਲੱਖ 1 ਹਜ਼ਾਰ 793 ਹਨ।
ਉਨ੍ਹਾਂ ਅੱਗੇ ਦੱਸਿਆ ਕਿ ਇਸ ਸਮੇਂ ਪੰਜਾਬ ਵਿੱਚ ਕੁੱਲ ਪੋਲਿੰਗ ਸਟੇਸ਼ਨਾਂ ਦੀ ਗਿਣਤੀ 24 ਹਜ਼ਾਰ 446 ਹੈ, ਜਿਸ ਵਿੱਚ ਸ਼ਹਿਰੀ ਪੋਲਿੰਗ ਸਟੇਸ਼ਨਾਂ ਦੀ ਗਿਣਤੀ 8062 ਅਤੇ ਪੇਂਡੂ ਪੋਲਿੰਗ ਸਟੇਸ਼ਨਾਂ ਦੀ ਗਿਣਤੀ 16,384 ਹੈ। ਉਨ੍ਹਾਂ ਦੱਸਿਆ ਕਿ ਸਾਰੇ ਪੋਲਿੰਗ ਸਟੇਸ਼ਨਾਂ ਉੱਤੇ ਵੋਟਰਾਂ ਲਈ ਰੈਂਪ, ਪੀਣ ਵਾਲਾ ਪਾਣੀ, ਲਾਈਟਿੰਗ, ਬੈਠਣ ਲਈ ਕੁਰਸੀਆਂ ਅਤੇ ਪਖਾਨਿਆਂ ਦੀ ਵਿਵਸਥਾ ਕੀਤੀ ਗਈ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਮੁੱਢਲੀ ਵੋਟਰ ਸੂਚੀਆਂ ਸਬੰਧੀ ਦਾਅਵੇ ਅਤੇ ਇਤਰਾਜ਼ ਦਾਇਰ ਕਰਨ ਦੀ ਆਖਰੀ ਮਿਤੀ 28 ਨਵੰਬਰ, 2024 ਹੈ। ਇਸ ਦੌਰਾਨ ਵੋਟਰ ਜਾਗਰੂਕਤਾ ਵਧਾਉਣ ਲਈ 29 ਅਕਤੂਬਰ ਤੋਂ 28 ਨਵੰਬਰ, 2024 ਤੱਕ ਸਵੀਪ ਗਤੀਵਿਧੀਆਂ ਵੀ ਚਲਾਈਆਂ ਜਾਣਗੀਆਂ। ਮੁੱਖ ਚੋਣ ਅਧਿਕਾਰੀ ਨੇ ਦੱਸਿਆ ਕਿ 9 ਨਵੰਬਰ 2024 (ਸ਼ਨੀਵਾਰ), 10 ਨਵੰਬਰ (ਐਤਵਾਰ), 23 ਨਵੰਬਰ (ਸ਼ਨੀਵਾਰ) ਅਤੇ 24 ਨਵੰਬਰ, 2024 (ਐਤਵਾਰ) ਨੂੰ ਸਪੈਸ਼ਲ ਕੈਂਪ ਲਗਾਏ ਜਾਣਗੇ ਜਦਕਿ ਮੁੱਢਲੀ ਵੋਟਰ ਸੂਚੀਆਂ ਬਾਬਤ ਦਰਜ ਕਰਵਾਏ ਗਏ ਦਾਅਵੇ ਅਤੇ ਇਤਰਾਜ਼ਾਂ ਦਾ ਨਿਪਟਾਰਾ ਕਰਨ ਦੀ ਆਖਰੀ ਮਿਤੀ 24 ਦਸੰਬਰ, 2024 ਹੈ। ਇਸ ਤੋਂ ਬਾਅਦ ਅੰਤਿਮ ਵੋਟਰ ਸੂਚੀ 6 ਜਨਵਰੀ, 2025 (ਸੋਮਵਾਰ) ਨੂੰ ਪ੍ਰਕਾਸ਼ਿਤ ਕੀਤੀ ਜਾਵੇਗੀ।
ਸਿਬਿਨ ਸੀ ਨੇ ਦੱਸਿਆ ਕਿ ਜਿਨ੍ਹਾਂ ਚਾਰ ਹਲਕਿਆਂ ਵਿੱਚ ਇਸ ਸਮੇਂ ਜ਼ਿਮਨੀ ਚੋਣ ਦੀ ਪ੍ਰਕਿਰਿਆ ਚੱਲ ਰਹੀ ਹੈ, ਉਨ੍ਹਾਂ ਹਲਕਿਆਂ ਵਿੱਚ ਉਕਤ ਪ੍ਰੋਗਰਾਮ ਵੱਖਰੇ ਤੌਰ ਉੱਤੇ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਜਾਰੀ ਕੀਤਾ ਜਾਵੇਗਾ।
ਮੁੱਖ ਚੋਣ ਅਧਿਕਾਰੀ ਨੇ ਮੀਟਿੰਗ ਦੌਰਾਨ ਸਿਆਸੀ ਪਾਰਟੀਆਂ ਦੇ ਨੁਮਾਇੰਦੀਆਂ ਨੂੰ ਅਪੀਲ ਕੀਤੀ ਕਿ ਉਹ ਹਰ ਇਕ ਪੋਲਿੰਗ ਸਟੇਸ਼ਨ ‘ਤੇ ਆਪਣੇ ਬੂਥ ਲੈਵਲ ਏਜੰਟ ਨਿਯੁਕਤ ਕਰਨ ਤਾਂ ਜੋ ਅੰਤਿਮ ਵੋਟਰ ਸੂਚੀ ਨੂੰ ਪ੍ਰਕਾਸ਼ਿਤ ਕਰਨ ਦੀ ਪ੍ਰਕਿਰਿਆ ਪਾਰਦਰਸ਼ੀ ਢੰਗ ਨਾਲ ਮੁਕੰਮਲ ਕੀਤੀ ਜਾ ਸਕੇ।
ਮੀਟਿੰਗ ਵਿੱਚ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਤੋਂ ਇਲਾਵਾ ਜੁਆਇੰਟ ਸੀਈਓ ਸਕੱਤਰ ਸਿੰਘ ਬੱਲ, ਡਿਪਟੀ ਸੀਈਓ ਭਾਰਤ ਭੂਸ਼ਨ ਬਾਂਸਲ ਅਤੇ ਚੋਣ ਅਧਿਕਾਰੀ ਅੰਜੂ ਬਾਲਾ ਤੋਂ ਇਲਾਵਾ ਸੀਈਓ ਦਫ਼ਤਰ ਦੇ ਉੱਚ ਅਧਿਕਾਰੀ ਹਾਜ਼ਰ ਸਨ।