ਬਿਕਰਮ ਮਜੀਠੀਆ ਨੇ ਕਿਹਾ ਕਿ ਅਕਾਲੀ ਦਲ CM ਭਗਵੰਤ ਮਾਨ ਨੂੰ ਗਾਇਕਾ ਜੈਨੀ ਜੌਹਲ ਦਾ ਗੀਤ ਸੁਣਨ ਲਈ ਮਜ਼ਬੂਰ ਕਰੇਗਾ।
Trending Photos
ਚੰਡੀਗੜ੍ਹ: ਪੰਜਾਬੀ ਗਾਇਕਾ ਦੇ ਗੀਤ 'Letter to CM' ਨੂੰ ਲੈਕੇ ਸਾਬਕਾ ਮੰਤਰੀ ਤੇ ਅਕਾਲੀ ਆਗੂ ਬਿਕਰਮ ਮਜੀਠੀਆ ਨੇ ਵੱਡਾ ਐਲਾਨ ਕੀਤਾ ਹੈ। ਦਰਅਸਲ ਸੋਸ਼ਲ ਮੀਡੀਆ ਪਲੇਟਫ਼ਾਰਮ ਯੂ-ਟਿਊਬ ਵਲੋਂ ਇਹ ਗੀਤ (Punjabi Song) ਕਾਪੀਰਾਈਟ ਦੇ ਵਿਵਾਦ ਕਾਰਨ ਹਟਾ ਦਿੱਤਾ ਗਿਆ ਹੈ।
ਅਕਾਲੀ ਦਲ ਵਲੋਂ CM ਦੀ ਰਿਹਾਇਸ਼ ਤੱਕ ਰੋਸ ਮਾਰਚ
ਬਿਕਰਮ ਮਜੀਠੀਆ ਨੇ ਅੱਜ ਇਸ ਗੀਤ ਦੇ ਮੁੱਦੇ ’ਤੇ CM ਭਗਵੰਤ ਮਾਨ ਨੂੰ ਘੇਰਿਆ, ਉਨ੍ਹਾਂ ਨੇ ਐਲਾਨ ਕੀਤਾ ਕਿ ਅਕਾਲੀ ਦਲ CM ਭਗਵੰਤ ਮਾਨ ਨੂੰ ਗਾਇਕਾ ਜੈਨੀ ਜੌਹਲ (Jenny Johal) ਦਾ ਗੀਤ ਸੁਣਨ ਲਈ ਮਜ਼ਬੂਰ ਕਰੇਗਾ। ਇਸ ਵਾਸਤੇ ਚੰਡੀਗੜ੍ਹ ਵਿਖੇ ਮੁੱਖ ਮੰਤਰੀ ਦੀ ਰਿਹਾਇਸ਼ ਤੱਕ ਉੱਚੀ ਆਵਾਜ਼ ਗੀਤ ਵਜਾਉਂਦਿਆਂ ਰੋਸ ਮਾਰਚ ਕੱਢਿਆ ਜਾਵੇਗਾ।
ਅਜ਼ਾਦੀ ਦੀ ਵਕਾਲਤ ਕਰਨ ਵਾਲੇ, ਅੱਜ ਪਾਬੰਦੀ ਲਗਾ ਰਹੇ: ਮਜੀਠੀਆ
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਮਾਨ ਪੰਜਾਬ ਦੀ ਧੀ ਵਲੋਂ ਚੁੱਕੇ ਸਵਾਲਾਂ ਦਾ ਜਵਾਬ ਦੇਣ ਤੋਂ ਕਤਰਾ ਕਿਉਂ ਰਹੇ ਹਨ। ਮਜੀਠੀਆ ਨੇ ਕਿਹਾ ਕਿ ਹੈਰਾਨ ਕਰਨ ਵਾਲੀ ਗੱਲ ਹੈ ਕਿ ਜਿਸ ਪਾਰਟੀ ਨੇ ਕਦੇ ਵਿਚਾਰ ਪ੍ਰਗਟਾਵੇ ਦੀ ਅਜ਼ਾਦੀ ਦੀ ਵਕਾਲਤ ਕੀਤੀ, ਉਹ ਯੂ ਟਿਊਬ ’ਤੇ ਜੈਨੀ ਜੌਹਲ ਦੇ ਗੀਤ ’ਤੇ ਇਸ ਕਾਰਨ ਪਾਬੰਦੀ ਲਗਵਾ ਰਹੇ ਹਨ ਕਿਉਂਕਿ ਮੁੱਖ ਮੰਤਰੀ ਨੂੰ ਸਵਾਲ ਕੀਤੇ ਗਏ ਹਨ। ਉਨ੍ਹਾਂ ਯਾਦ ਕਰਵਾਇਆ ਕਿ ਕਿਸੇ ਸਮੇਂ ਆਮ ਆਦਮੀ ਪਾਰਟੀ ਨੇ ਕੇਂਦਰ ਸਰਕਾਰ ਦੁਆਰਾ ਸਿੱਧੂ ਮੂਸੇਵਾਲਾ ਦੇ ਗੀਤ (SYL) ’ਤੇ ਪਾਬੰਦੀ ਲਗਾਏ ਜਾਣ ਦਾ ਸਖ਼ਤ ਵਿਰੋਧ ਕੀਤਾ ਸੀ, ਪਰ ਅੱਜ ਉਹ ਲੀਡਰ ਆਪ ਗੀਤ 'Letter to CM' ਬੰਦ ਕਰਵਾ ਰਹੇ ਹਨ।
ਉਨ੍ਹਾਂ ਕਿਹਾ ਕਿ ਗੀਤ ਰਾਹੀਂ ਕੀਤੇ ਗਏ ਸਵਾਲ ਗਲਤ ਨਹੀਂ ਬਲਕਿ ਬਿਲਕੁਲ ਸੱਚੇ ਹਨ, ਅਸਲੀਅਤ ਹੈ ਕਿ ਤੁਹਾਡੀ ਸਰਕਾਰ ਨੇ ਸਿੱਧੂ ਮੂਸੇਵਾਲਾ ਦੀ ਸੁਰੱਖਿਆ ਘਟਾਈ। ਸੱਚਾਈ ਇਹ ਵੀ ਹੈ ਕਿ ਤੁਸੀਂ ਇਸਦਾ ਪ੍ਰਚਾਰ ਕੀਤਾ, ਜਿਸਦੇ ਨਤੀਜੇ ਵਜੋਂ ਮੂਸੇਵਾਲਾ ਦੀ ਜਾਨ ਗਈ। ਦਿੱਲੀ ਪੁਲਿਸ ਵਲੋਂ ਫੜੇ ਗਏ ਗੈਂਗਸਟਰ ਦੀਪਕ ਟੀਨੂੰ ਨੂੰ ਪੰਜਾਬ ਪੁਲਿਸ ਨੇ ਰਾਤ ਦੇ ਹਨੇਰੇ ’ਚ ਭੱਜਣ ਦੀ ਆਗਿਆ ਦਿੱਤੀ।
ਮਜੀਠੀਆ ਨੇ ਕਿਹਾ ਕਿ ਅੱਜ ਆਮ ਆਦਮੀ ਪਾਰਟੀ ਦੁਆਰਾ ਗਾਇਕਾ ਜੈਨੀ ਜੋਹਲ ਦੇ ਗੀਤ ’ਤੇ ਸਿਰਫ ਇਸ ਕਰ ਕੇ ਪਾਬੰਦੀ ਲਗਵਾਈ ਜਾ ਰਹੀ ਹੈ, ਕਿਉਂਕਿ ਗੀਤ ’ਚ ਮੁੱਖ ਮੰਤਰੀ ਤੋਂ ਕੁਝ ਸਵਾਲ ਪੁੱਛੇ ਹਨ।